logo

ਰਾਮਪੁਰਾ ਤੋਂ ਫੂਲ ਸੜਕ ਉੱਤੇ ਇੱਕ ਵੱਡਾ ਹਾਦਸਾ ਵਾਪਰ ਜਾਣ ਤੋਂ ਹੋਇਆ ਬਚਾ

ਜਾ ਸਕਦੀ ਸੀ ਟਰੈਕਟਰ ਚਾਲਕ ਦੀ ਜਾਨ

17 ਅਪ੍ਰੈਲ (ਗਗਨਦੀਪ ਸਿੰਘ) ਰਾਮਪੁਰਾ ਫੂਲ: ਅੱਜ ਰਾਮਪੁਰਾ ਤੋਂ ਫੂਲ ਸੜਕ ਉੱਤੇ ਇੱਕ ਵੱਡਾ ਹਾਦਸਾ ਵਾਪਰ ਜਾਣ ਤੋਂ ਬਚਾ ਹੋਇਆ। ਘਟਨਾ ਇਹ ਕਿ ਰਾਮਪੁਰਾ ਫੂਲ ਵਿਖੇ ਅਨਾਜ ਮੰਡੀ ਦੇ ਬਿਲਕੁਲ ਗੇਟ ਦੇ ਸਾਹਮਣੇ ਵੱਡੇ-ਵੱਡੇ ਟੋਏ ਹਨ। ਇਹ ਟੋਏ ਨਾ ਸਿਰਫ਼ ਅਨਾਜ ਮੰਡੀ ਦੇ ਸਾਹਮਣੇ ਹੀ ਹਨ, ਲਗਭਗ ਸਾਰੀ ਸੜਕ ਦਾ ਹੀ ਬੁਰਾ ਹਾਲ ਹੈ। ਇਹ ਹਾਲ ਸੜਕ ਚ ਪਏ ਸੀਵਰੇਜ ਕਾਰਨ ਹੈ। ਸੜਕ ਦੇ ਨਵੀਨੀਕਰਨ ਲਈ ਰਕਮ ਤਾਂ ਜ਼ਾਰੀ ਹੋ ਜਾਂਦੀ ਹੈ, ਪਰ ਸੀਵਰੇਜ ਸਿਸਟਮ ਦੀ ਹਾਲਤ ਮਾੜੀ ਹੋਣ ਕਾਰਨ ਭਾਵ ਸੀਵਰੇਜ ਲੀਕ ਰਹਿਣ ਕਾਰਨ ਸੜਕ ਨਹੀਂ ਬਣ ਪਾਉਂਦੀ। ਕੀ ਕਾਰਨ ਹਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੁਣ ਤੱਕ ਇਹ ਸੀਵਰੇਜ ਲਿਕੇਜ਼ ਦਾ ਹੱਲ ਕਿਉਂ ਨਹੀਂ ਹੋ ਰਿਹਾ...? ਦੱਸ ਦਈਏ ਕਿ ਪਹਿਲਾਂ ਦੁਕਾਨਾਂ ਵਾਲਿਆਂ ਅਤੇ ਨੇੜੇ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਲਾਕ ਟਾਇਲ ਲਗਵਾ ਦਿੱਤੀ ਗਈ ਸੀ। ਜਿਸ ਨਾਲ ਰਾਹਗੀਰਾਂ ਨੂੰ ਕੁਝ ਰਾਹਤ ਮਿਲੀ ਸੀ, ਪਰ ਸੜਕ ਦੇ ਨਵੀਨੀਕਰਨ ਲਈ ਉਹ ਵੀ ਪੱਟ ਦਿੱਤੀਆਂ ਗਈਆਂ ਹਨ। ਜਿਸ ਕਾਰਣ ਵੱਡੇ ਵੱਡੇ ਖੱਡੇ ਪੈ ਗਏ ਹਨ ਅਤੇ ਹਾਦਸਿਆਂ ਦਾ ਡਰ ਬਣਿਆਂ ਰਹਿੰਦਾ ਹੈ। ਪਰ ਪਤਾ ਲੱਗਾ ਕਿ ਸੜਕ ਦਾ ਨਵੀਨੀਕਰਨ ਅੱਗੇ ਪਾ ਦਿੱਤਾ ਗਿਆ ਹੈ। ਅੱਜ ਵੀ ਇੱਕ ਵੱਡਾ ਹਾਦਸਾ ਟਰੈਕਟਰ ਚਾਲਕ ਨਾਲ ਵਾਪਰਣ ਤੋਂ ਬਚਾ ਰਹਿ ਗਿਆ, ਟਰੈਕਟਰ ਚਾਲਕ ਹਰਿੰਦਰ ਸਿੰਘ ਮੰਡੀਕਲਾਂ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਜੇਕਰ ਹੁੱਡ ਨਾ ਲੱਗਿਆ ਹੁੰਦਾ ਜਾਂ ਸਮੇਂ ਤੇ ਨਾ ਉਤਰਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ। ਸੋ ਬਚਾ ਰਹਿ ਗਿਆ, ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੈਕਟਰ ਖੱਡੇ ਵਿੱਚ ਫਸ ਉੱਥੇ ਹੀ ਰਹਿ ਗਿਆ ਅਤੇ ਟਰਾਲੀ ਵਿੱਚ ਲੱਦੀਆਂ ਬੋਰੀਆਂ ਦੀ ਧਾਂਗ ਉਸਦੇ ਉੱਪਰ ਆ ਡਿੱਗੀ। ਆਖਿਰ ਕਦੋਂ ਤੱਕ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਵੇਖਦੇ ਰਹਾਂਗੇ..? ਕਦੋਂ ਤੱਕ ਇਸ ਖੱਡਿਆਂ ਦਾ ਹੱਲ ਹੋਵੇਗਾ..? ਜਦੋਂ ਤੱਕ ਸੜਕ ਦਾ ਨਵੀਨੀਕਰਨ ਨਹੀਂ ਹੁੰਦਾ, ਉਦੋਂ ਤੱਕ ਘੱਟੋ ਘੱਟ ਪਹਿਲਾਂ ਵਾਂਗ ਲਾਕ ਟਾਇਲ ਹੀ ਲੱਗ ਜਾਵੇ ਤਾਂ ਚੰਗਾ ਹੈ ਕਿਉਂਕਿ ਹੁਣ ਫ਼ਸਲ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਸੜਕ ਉੱਪਰੋਂ ਦਿਨ ਰਾਤ ਲੋਡ ਹੋਏ ਟਰੱਕ ਟਰਾਲੀਆਂ ਲੰਘਣੇ ਹਨ ਤੇ ਲੰਘ ਵੀ ਰਹੇ ਹਨ। ਸੋ ਸਰਕਾਰਾਂ ਨੂੰ ਆਪਣੇ ਚੋਣ ਪ੍ਰਚਾਰ ਤੋਂ ਪਹਿਲਾਂ ਵਿਕਾਸ ਵੱਲ, ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

2
879 views